ਜਲੰਧਰ, 25 ਸਤੰਬਰ : Prime Punjab
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਜਲੰਧਰ ‘ਚ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ਪਾਸਪੋਰਟ ਦਫਤਰ ਦੇ ਬਾਹਰ ਸਰਗਰਮ ਪ੍ਰਾਈਵੇਟ ਏਜੰਟ ਹਰਦੀਪ ਕੌਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਪਾਸਪੋਰਟ ਦਫਤਰ ਦੇ ਅਧਿਕਾਰੀਆਂ ਨਾਲ ਜਾਣ-ਪਛਾਣ ਦਾ ਹਵਾਲਾ ਦੇ ਕੇ ਲੋਕਾਂ ਤੋਂ ਪੈਸੇ ਐਂਠ ਰਹੀ ਸੀ।
ਇਹ ਕਾਰਵਾਈ ਪਿੰਡ ਕੰਡੋਲਾ ਖੁਰਦ, ਫਿਲੌਰ ਦੀ ਇੱਕ ਔਰਤ ਦੀ ਸ਼ਿਕਾਇਤ ‘ਤੇ ਕੀਤੀ ਗਈ। ਔਰਤ ਦੀ ਪੁਲਿਸ ਵੈਰੀਫਿਕੇਸ਼ਨ ਪੂਰੀ ਹੋ ਚੁੱਕੀ ਸੀ, ਪਰ ਦਫਤਰ ਦੇ ਕਰਮਚਾਰੀ ਨੇ ਵੈਰੀਫਿਕੇਸ਼ਨ ਅਧੂਰੀ ਹੋਣ ਦਾ ਬਹਾਨਾ ਲਗਾ ਦਿੱਤਾ। ਬਾਹਰ ਨਿਕਲਦਿਆਂ ਹੀ ਦੋ ਏਜੰਟਾਂ ਐਨ.ਪੀ. ਸਿੰਘ ਅਤੇ ਹਰਦੀਪ ਕੌਰ ਨੇ ਉਸਨੂੰ ਘੇਰ ਲਿਆ ਅਤੇ ਬਿਨਾਂ ਵੈਰੀਫਿਕੇਸ਼ਨ ਤੋਂ ਜਲਦੀ ਪਾਸਪੋਰਟ ਜਾਰੀ ਕਰਵਾਉਣ ਬਦਲੇ 35,000 ਰੁਪਏ ਮੰਗੇ। ਸੂਝ-ਬੂਝ ਦਿਖਾਉਂਦਿਆਂ ਔਰਤ ਨੇ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਰੇਂਜ ਜਲੰਧਰ ਨਾਲ ਸੰਪਰਕ ਕੀਤਾ।
ਸ਼ਿਕਾਇਤ ‘ਤੇ ਵਿਜੀਲੈਂਸ ਨੇ ਤੁਰੰਤ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਜਦੋਂ ਔਰਤ 20,000 ਰੁਪਏ ਦੇਣ ਗਈ ਤਾਂ ਟੀਮ ਨੇ ਹਰਦੀਪ ਕੌਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ‘ਚ ਦੂਜਾ ਮੁਲਜ਼ਮ ਨਰਿੰਦਰ ਪਾਲ ਸਿੰਘ ਉਰਫ ਐਨ.ਪੀ. ਸਿੰਘ ਅਜੇ ਫਰਾਰ ਹੈ, ਜਿਸਦੀ ਭਾਲ ਜਾਰੀ ਹੈ।
ਵਿਜੀਲੈਂਸ ਬਿਊਰੋ ਨੇ ਦੋਵਾਂ ਏਜੰਟਾਂ ਖਿਲਾਫ ਥਾਣਾ ਵਿਜੀਲੈਂਸ ਜਲੰਧਰ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਅਗਲੇਰੀ ਜਾਂਚ ‘ਚ ਪਾਸਪੋਰਟ ਦਫਤਰ, ਜਲੰਧਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਕੀ ਉਹ ਵੀ ਇਸ ਰਿਸ਼ਵਤਖੋਰੀ ਦੇ ਨੈੱਟਵਰਕ ‘ਚ ਸ਼ਾਮਲ ਹਨ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।