ਜਲੰਧਰ, 25 ਸਤੰਬਰ : Prime Punjab
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ‘ਚ ਦੋ ਨੌਜਵਾਨ ਖੁੱਲ੍ਹੇਆਮ ਅਸਲੇ ਨਾਲ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਸਨ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਦੇ ਧਿਆਨ ‘ਚ ਆਉਂਦਿਆਂ ਹੀ ਤੁਰੰਤ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ.-2, ਜਲੰਧਰ ਸ਼੍ਰੀਮਤੀ ਮਾਧਵੀ ਸ਼ਰਮਾ (PPS) ਨੇ ਦੱਸਿਆ ਕਿ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਥਾਣਾ ਡਵੀਜ਼ਨ ਨੰਬਰ 5 ਵਿਖੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਵੀਡੀਓ ‘ਚ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਦੋਵਾਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਫਾਇਰਿੰਗ ਲਈ ਵਰਤੇ ਗਏ ਦੋਵੇਂ ਹਥਿਆਰ ਲਾਇਸੈਂਸੀ ਹਨ। ਪਰ ਲਾਇਸੈਂਸੀ ਹਥਿਆਰ ਹੋਣ ਦੇ ਬਾਵਜੂਦ ਜਨਤਕ ਥਾਂ ‘ਤੇ ਫਾਇਰਿੰਗ ਕਰਨਾ ਅਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨਾ ਗੈਰ-ਕਾਨੂੰਨੀ ਹੈ। ਇਸ ਨਾਲ ਲੋਕਾਂ ‘ਚ ਦਹਿਸ਼ਤ ਫੈਲਦੀ ਹੈ। ਪੁਲਿਸ ਨੇ ਦੋਵੇਂ ਹਥਿਆਰ ਜ਼ਬਤ ਕਰ ਲਏ ਹਨ ਅਤੇ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਵੀ ਕੀਤੀ ਜਾਵੇਗੀ।
ਏ.ਡੀ.ਸੀ.ਪੀ. ਮਾਧਵੀ ਸ਼ਰਮਾ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼, ਹਵਾਈ ਫਾਇਰਿੰਗ ਜਾਂ ਗਲਤ ਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹਾ ਕਰਨ ਵਾਲਿਆਂ ਖਿਲਾਫ ਆਰਮਜ਼ ਐਕਟ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਅਜਿਹੀ ਵੀਡੀਓ ਦੇਖਣ ਨੂੰ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।